Tuesday, February 21, 2012

ਟੀ ਐਸ ਇਲੀਅਟ (T.S. Eliot) ਦੀ ਨਜ਼ਮ ਦਾ ਪੰਜਾਬੀ ਰੂਪ

ਪੂਰਬੀ ਸਿਆਣਿਆਂ ਦਾ ਸਫਰ
-----------------------

ਉੱਤਰਦਾ ਸੀਤ ਸਾਡੇ ਪੱਲੇ ਪਿਆ ਸੀ -
ਸਫਰ ਤੇ ਓਹ ਵੀ ਏਡਾ ਲੰਮਾ!-
ਮੌਸਮ ਤੇ ਓਹ ਵੀ ਸਾਲ ਦਾ ਸਭ ਤੋਂ ਸਖਤ!-
ਲੰਮੇ ਪੈਂਡੇ, ਸੰਘਣੇ ਵਣ, ਪੰਧ ਡੂੰਘੇਰੇ, ਰੁਤ ਕਟੀਲੀ--- 
ਸਿਆਲ ਪੂਰੇ ਜੋਬਨ ਤੇ ਸੀI 

ਸੁੱਜੇ ਗਿੱਟਿਆਂ ਤੇ ਜ਼ਖਮੀ ਪੈਰਾਂ ਵਾਲੇ, ਲਾਗਾ ਲੱਗੇ ਮੁਤਆੜੇ ਬੋਤੇ
ਢਲਦੀਆਂ ਬਰਫਾਂ 'ਚ ਢਹਿੰਦੇ  ਪੈ ਜਾਂਦੇ;
ਕਈ ਵਾਰ ਤਾਂ ਸਾਨੂੰ ਪਛਤਾਵਾ ਵੀ ਹੋਇਆ ----------------I

ਢਲਾਨਾਂ ਤੇ ਹੁਨਾਲ-ਮਹਿਲ , ਛਤੀਰੀਆਂ ਦੀਆਂ ਪਾਲਾਂ 
ਅੰਗੂਰੀ-ਵੇਲ-ਪਤੀਆਂ ਨਾਲ ਕੱਜੇ ਲੈਂਟਰ ----------
ਖੁਲੇ ਬੂਹਿਆਂ 'ਚ ਚਾਂਦੀ ਦੇ ਸਿੱਕਿਆਂ ਖਾਤਰ ਛੇ ਹਥ ਖੇਡਦੇ ਸੀ ਪਾਸਾ,
ਸ਼ਰਾਬ ਦੇ ਜਾਮ ਵਰਤਾਉਂਦੀਆਂ ਰੇਸ਼ਮ-ਕੱਜੀਆਂ ਕੁਆਰੀਆਂ ;--
ਬੁੜ ਬੁੜ ਕਰਦੇ ਕੋਸਦੇ ਫਿਟਕਾਰਦੇ ਸ਼ੁਤਰਵਾਨ ,
ਭਟਕਦੇ ਫਿਰਦੇ ਮਦਰਾ ਤੇ ਮੁਹਬਤ ਭਾਲਦੇ ;--

ਪੜਾਵਾਂ ਤੇ ਬੁਝ ਰਹੇ ਅਲਾਓ, ਰੈਣ ਬਸੇਰਿਆਂ ਦੀ ਘਾਟ;
ਸ਼ਹਿਰ-ਦੋਖੀ ਵੈਰੀ ਕਸਬੇ, ਗੰਦੇ ਤੇ ਹੀਣੇ ਗਰਾਂ ;--
ਦੁਗਣੇ ਮੁਲ ਬਟੋਰਦੇ --ਖੀਸੇ ਖਸਦੇ ---
ਅਤਿ ਘੋਰ ਸਮਾਂ ਸੀ ਜੋ ਅਸਾਂ ਕਟਿਆ I 

ਆਖਰ ਰਾਤਾਂ ਨੂੰ ਸਫਰ ਕਰਨਾ ਬੇਹਤਰ ਸਮਝਿਆ :
ਭਜ-ਨੱਸ ਨੀਂਦ ਦੀ ਕੋਸ਼ਿਸ਼ 'ਚ, ਭਿਣਭਣਾਉਂਦੀਆਂ ਆਵਾਜ਼ਾਂ 
ਕੰਨਾਂ 'ਚ ਆਖਦੀਆਂ ਲਗਦੀਆਂ :
----"
ਇਹ ਸਭ ਮੂਰਖਤਾ ਹੀ ਤਾਂ ਹੀ ਸੀ ਤੁਹਾਡੀ!"

ਤੇ ਫਿਰ ਅਸੀਂ ਪਹੁ ਫਟਦੀ ਨਾਲ ਪੁਜੇ, ਬਰਫੀਲੀ ਰੇਖਾ ਦੇ ਐਨ ਥੱਲੇ 
ਭਿਜੀ ਬਨਾਸਪਤੀ ਦੀ ਸਿੱਲੀ ਭਿੰਨੀ ਖੁਸ਼ਬੂਆਂ-ਰਸੀ ਸ਼ੀਤਸ਼ੋਂਨ ਵਾਦੀ 'ਚ I 
ਨਿਰੰਤਰ ਵਗਦੀ ਨਦੀ ਤੇ ਨ੍ਹੇਰ ਨੂੰ ਥਪੜਆਈਂ ਜਾਂਦਾ ਘਰਾਟ –ਦਿਸਹੱਦੇ  ਤੇ ਤਿੰਨ ਰੁਖਾਂ ਦੀ ਪਾਲ ----
ਤੇ ਦੂਰ--ਰ--ਚਰਾਂਦ 'ਚ ਦੁੜਕੀ ਦੌੜਦਾ ਬੁੜਾ, ਚਿੱਟਾ ਘੋੜਾ --I 

ਫਿਰ ਆਈ ਇੱਕ ਮੈ-ਖਾਨੇ ਜਿਹੀ ਸਰਾਂ--------
ਪੈਰ ਤਾਲ ਦੇ ਰਹੇ ਸਨ ਸ਼ਰਾਬ ਦੀਆਂ ਖਾਲੀ ਛਾਗਲਾਂ ਤੇ -I 

ਪਰ ਏਥੋਂ ਵੀ ਕੋਈ ਸੂੰਹ ਨਾ ਮਿਲੀ,
ਤੇ ਅਸੀਂ ਚਲਦੇ ਰਹੇ, ਚਲਦੇ ਹੀ ਰਹੇ---
ਤੇ ਆਖਰ ਲਭ ਹੀ ਗਈ ਓਹ ਥਾਂ---ਐਨ ਆਥਣੇ ;
(
ਕਿਹਾ ਜਾ ਸਕਦੇ) ਇਹ ਬੜਾ ਹੀ ਤਸਲੀ-ਬਖਸ਼ ਅਹਿਸਾਸ ਸੀ --II 

ਯਾਦ ਹੈ ਮੈਨੂੰ ਇਹ ਬਹੁ-ਕਦੀਮੀ ਗੱਲ, ਤੇ ਮੈਂ ਮੁੜ ਇਹ ਸਫਰ ਕਰਾਂਗਾ ਵੀ I 
ਤੇ ਲਿਖਾਂਗਾ ਇਹ ਲਿਖਤ -ਇਹ ਗਰਦਾਨ ------ਇਹ --:-
"
ਕੀ ਇਹ ਬਿਖਮ ਪੈਂਡਾ ਤਹਿ ਕਰਵਾਇਆ ਗਿਆ ਸੀ ਸਾਥੋਂ ----ਸਿਰਫ ਜੰਮਣ ਮਰਨ ਲਈ ਹੀ ?" 
ਇਕ ਜਨਮ ਤਾਂ ਓਥੇ ਹੀ ਹੋ ਗਿਆ ਸੀ ਸਚ-ਮੁਚ-- 
ਤੇ ਸਾਨੂੰ ਬਿਲਾ-ਸ਼ਕ਼ ਪ੍ਰਮਾਣ ਵੀ ਪ੍ਰਾਪਤ ਸੀ ਓਹਦਾ --I 
ਜੰਮਣ , ਮਰਨ ਤਾਂ ਮੈਂ ਵੇਖੇ ਹੋਏ ਸਨ, ਪਰ ਸੋਚਦਾ ਸਾਂ ਇਹ ਭਿੰਨ ਭਿੰਨ  ਹੁੰਦੇ ਹਨ;
ਆਹ ਜਨਮ ਸਾਡੇ ਲਈ ਅਤਿ ਦੁਖਦਾਈ -ਤੁੰਦ, ਤਲਖ ਮਾਨਸਿਕ ਪੀੜਾ ਦਾ ਸਰੋਤ----
ਐਨ ਮੌਤ ਵਾਂਗ---ਸਾਡੀ ਆਪਣੀ ਮੌਤ ਵਾਂਗ -I 

ਅਸੀਂ ਪਰਤ ਆਏ ਆਪਣੇ ਵਤਨੀਂ, ਇਹਨੀਂ ਸਲਤਨਤੀ-,
ਪਰ ਹੁਣ ਇਥੇ ਪੁਰਾਣੀਆਂ ਧਰਮ-ਵਿਵਸਥਾਵਾਂ ਵਿਚ ,
--
ਜਿਥੇ ਗੈਰ ਆਪਣੇ ਆਪਣੇ ਦਿਓਤਿਆਂ ਨੂੰ ਕਲਾਵੇ ਭਰੀਂ ਬੈਠੇ ਨੇ--
ਪਹਿਲਾਂ ਵਾਲਾ ਚੈਨ-ਸਕੂਨ ਪ੍ਰਾਪਤ ਨਹੀਂ ਸੀ I-

ਆਹ , ਮੈਂ ਤਾਂ ਸਚੀਂ ਇੱਕ ਹੋਰ ਮੌਤ ਬਖ਼ਸ਼ੀ ਕਬੂਲਣੀ ਚਾਹਵਾਂਗਾ!